ਭਾਗ –77 ਇਹ ਇੰਟਰਵਿਊ ਐਡਵੋਕੇਟ ਸਤਬੀਰ ਸਿੰਘ ਵਾਲੀਆ ਦੇ ਨਾਲ 13 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ।ਇਸ ਇੰਟਰਵਿਊ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਪਾਈਆਂ ਗਈਆਂ RTI’s ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਅਰਵਿੰਦ ਕੇਜਰੀਵਾਲ ਨੂੰ ਆਰ ਟੀ ਆਈ ਦੀ ਲੜਾਈ ਲੜਨ ਲਈ “Magsaysay” ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ ਅੱਜ ਉਹ ਕੇਜਰੀਵਾਲ ਸਾਡੀਆਂ RTI’s ਤੋਂ ਡਰਦਾ ਹੈ। ਉਨ੍ਹਾਂ ਦੱਸਿਆ ਕਿ ਆਰ ਟੀ ਆਈ ਸਰਕਾਰ ਦੀਆਂ ਕੁਰੀਤੀਆਂ, ਵਾਧੂ ਖ਼ਰਚਿਆਂ ਅਤੇ ਕੰਮਾਂ ਬਾਰੇ ਹਿਸਾਬ ਮੰਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੁਆਰਾ ਲਏ ਗਏ ਕਰਜ਼ੇ ਦੇ ਲੇਖੇ ਜੋਖੇ ਬਾਰੇ ਆਰ ਟੀ ਆਈ ਪਾਈ ਹੈ ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਉਹਨਾਂ ਭਗਵੰਤ ਮਾਨ ਦੀ ਸਰਕਾਰ ਤੇ ਇਹ ਇਲਜ਼ਾਮ ਲਾਇਆ ਕਿ ਦੋ ਸੌ ਤੋਂ ਢਾਈ ਸੌ ਕਰੋੜ ਰੁਪਿਆ ਸਰਕਾਰ ਨੇ ਟੂਰ ਅਤੇ ਮਸ਼ਹੂਰੀਆਂ ਤੇ ਖ਼ਰਚ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ 20 – 25 ਅਜਿਹੀਆਂ RTI’s ਹਨ ਜਿਨ੍ਹਾਂ ਦਾ ਸਰਕਾਰ ਜਵਾਬ ਨਹੀਂ ਦੇਣਾ ਚਾਹੁੰਦੀ। ਸਰਕਾਰ ਨੇ ਆਪਣੇ ਹਰ ਮਹਿਕਮੇ ਨੂੰ ਤਾਕੀਦ ਕੀਤੀ ਹੋਈ ਹੈ ਕਿ ਸਤਬੀਰ ਵਾਲਿਆ ਤੇ ਮਾਣਕ ਗੋਇਲ ਦੇ ਨਾਮ ‘ਤੇ ਜੇਕਰ ਕੋਈ ਆਰ ਟੀ ਆਈ ਆਉਂਦੀ ਹੈ ਤਾਂ ਜਵਾਬ ਬਿਲਕੁਲ ਨਾ ਦਿੱਤਾ ਜਾਵੇ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਸਤਬੀਰ ਵਾਲਿਆ ਨੇ ਕਿਹਾ ਕਿ ਉਸ ਦਾ ਕਤਲ ਸਰਕਾਰ ਦੀ ਗਲਤੀ ਕਾਰਨ ਹੋਇਆ ਹੈ ਕਿਉਂਕਿ 28 ਮਈ ਨੂੰ ਬਲਤੇਜ ਪੰਨੂ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਤੇ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਲਏ ਜਾਣ ਬਾਰੇ ਪੋਸਟ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਆਯੂਸ਼ੀ ਦੁਆਰਾ ਵੀ ਮੀਡੀਆ ਨਾਲ ਸਕਿਓਰਟੀ ਵਾਪਸ ਲਏ ਜਾਣ ਵਾਲਾ ਡਾਕਿਊਮੈਂਟ ਸ਼ੇਅਰ ਕੀਤਾ ਗਿਆ ਸੀ। ਸਤਬੀਰ ਵਾਲਿਆ ਨੇ ਕਿਹਾ ਕਿ ਉਨ੍ਹਾਂ ਨੇ ਉਸ ਦਸਤਾਵੇਜ਼ ਲੀਕ ਬਾਰੇ ਸਬੂਤਾਂ ਸਮੇਤ ਪੁਰਾਣੇ ਡੀਜੀਪੀ ਨੂੰ ਇਕ ਨਿੱਜੀ ਮੁਲਾਕਾਤ ਕਰਕੇ ਗੱਲ ਕੀਤੀ ਸੀ। ਰਾਘਵ ਚੱਢਾ ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਇਹ ਅਸਲੀ ਸੀਐਮ ਤਾਂ ਰਾਘਵ ਚੱਡਾ ਹੀ ਹੈ ਭਗਵੰਤ ਮਾਨ ਨੂੰ ਤਾਂ ਸਿਰਫ ਕਾਮੇਡੀ ਕਰਨ ਲਈ ਹੈ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਖੜ੍ਹਾ ਹੋਣ ਦੇ ਪਿੱਛੇ ਦੀ ਸਾਰੀ ਕਹਾਣੀ ਉਨ੍ਹਾਂ ਨੇ ਵਿਸਥਾਰ ਪੂਰਵਕ ਦੱਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਕ ਬੇਈਮਾਨ ਇਨਸਾਨ ਹੈ। ਅਖੀਰ ਉਨ੍ਹਾਂ ਸਾਰੇ ਮੀਡੀਆ ਨੂੰ ਏਕਾ ਕਰ ਕੇ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਡੱਟ ਕੇ ਖੜੇ ਹੋਣ ਦੀ ਅਪੀਲ ਕੀਤੀ।
~ਕੁਲਵਿੰਦਰ ਕੌਰ ਬਾਜਵਾ