ਇਹ ਇੰਟਰਵਿਊ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਨਾਲ 15 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਜਗਮੋਹਨ ਸਿੰਘ ਭੱਟੀ ਨਾਲ ਡਰੱਗ ਰਿਪੋਰਟ ਬਾਰੇ ਗੱਲਬਾਤ ਕੀਤੀ ਗਈ, ਜਿਸਦੇ ਨਾਲ ਕਈ ਵੱਡੇ ਚਿਹਰਿਆਂ ਅਤੇ ਵੱਡੀਆਂ ਪਾਰਟੀਆਂ ‘ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ। ਡਰੱਗ ਰਿਪੋਰਟ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਕੇਸ ਹਾਈਕੋਰਟ ਨੇ ਸ਼ੁਰੂ ਕੀਤਾ ਸੀ ਅਤੇ ਇਹ ਇਕ ਸਾਬਕਾ ਡੀਜੀਪੀ ਜਾਂ ਡੀਆਈਜੀ ਦੀ ਚਿੱਠੀ ਸੀ ਜਿਸ ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਸ ਬਾਰੇ ਬਹੁਤ ਚਰਚਾ ਵੀ ਹੋਈ ਪਰ ਨਤੀਜਾ ਕੁਝ ਨਹੀਂ ਨਿਕਲਿਆ। ਸਗੋਂ ਬਲਵਿੰਦਰ ਸਿੰਘ ਸੇਖੋਂ ਨੇ ਹਾਈਕੋਰਟ ਵਿੱਚ ਕਿਹਾ ਸੀ ਕਿ ਇੰਨੇ ਸਮੇਂ ਦੀਆਂ ਬੰਦ ਰਿਪੋਰਟਾਂ ਵੀ ਖੋਲੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਹਾਈਕੋਰਟ ਕਿਸ ਗੱਲ ਤੋਂ ਝਿਜਕ ਰਹੀ ਹੈ? ਜਿਸ ਤੋਂ ਬਾਅਦ ਮਾਮਲਾ ਇਸ ਹੱਦ ਤੱਕ ਵਧਿਆ ਕਿ ਬਲਵਿੰਦਰ ਸਿੰਘ ਸੇਖੋਂ ‘ਤੇ ਮਾਣਹਾਨੀ ਦਾ ਦੋਸ਼ ਲਾਉਂਦੇ ਹੋਏ ਉਨਾਂ ਨੂੰ ਕੋਰਟ ਵੱਲੋਂ ਸਜਾ ਸੁਣਾਈ ਗਈ। ਜਗਮੋਹਨ ਸਿੰਘ ਨੇ ਕਿਹਾ ਕਿ ਵਿਜੇ ਕੁੰਵਰ ਸਿੰਘ ਦੀ ਰਿਪੋਰਟ, ਡਰੱਗ ਰਿਪੋਰਟ ਨਹੀਂ ਸਗੋਂ ਇਕੋਨਾਮਿਕ ਵਿੰਗ ਦੀ ਜਾਂਚ ਪੜ੍ਹਤਾਲ ਹੈ। ਜਿਸ ਵਿੱਚ ਪ੍ਰਾਪਰਟੀ ਖਰੀਦਣ, ਵੇਚਣ ਅਤੇ ਅਫਸਰਾਂ ਦੀ ਭਾਈਵਾਲੀ ਬਾਰੇ ਜਾਣਕਾਰੀ ਹੈ। ਉਨ੍ਹਾਂ ਨੇ ਇਸ ਰਿਪੋਰਟ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਡਾਨੀ ਦੇ ਗੁਜਰਾਤ ਪੋਰਟ ਤੋਂ ਫੜੀ ਗਈ 3 ਹਜ਼ਾਰ ਕਰੋੜ ਦੀ ਡਰੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਤੇ ਕੋਈ ਕਾਰਵਾਈ ਨਹੀਂ ਹੋਈ। ਇਹ ਰਿਪੋਰਟ ਪਹਿਲੀਆਂ ਰਿਪੋਰਟਾਂ ਦੀ ਕੜੀ ਹੈ। ਉਨ੍ਹਾਂ ਕਿਹਾ ਕਿ ਕੋਰਟ ਨੂੰ ਦਾਇਰੇ ਨਿਰਧਾਰਿਤ ਕਰਕੇ ਕਾਰਵਾਈ ਕਰਨੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਬੰਧਨ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਖਾਂ ਖਿਲਾਫ ਬੋਲਦੇ ਹਨ ਉਨ੍ਹਾਂ ਤੇ UAPA ਜਾਂ NSA ਕਿਉਂ ਨਹੀਂ ਲੱਗਦੀ, ਅਜਿਹਾ ਵਿਹਾਰ ਸਿਰਫ ਸਿੱਖਾਂ ਨਾਲ ਹੀ ਕਿਉਂ? ਉਨ੍ਹਾਂ ਭਾਰਤੀ ਚੈਨਲਾਂ ਦੀ ਕਾਰਗੁਜ਼ਾਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਆਪ ਪਾਰਟੀ VVIP ਕਲਚਰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿੰਨਾਂ ਨੁਕਸਾਨ ਰਾਜਨੀਤਿਕ ਅਤੇ ਪੰਥਕ ਲੀਡਰਾਂ ਨੇ ਕੀਤਾ ਹੈ, ਉਨ੍ਹਾਂ ਹੋਰ ਕਿਸੇ ਨਹੀਂ ਕੀਤਾ । ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਕਦੇ ਗੱਦਾਰਾਂ ਨੂੰ ਮੁਆਫ਼ ਨਹੀਂ ਕਰਦਾ ਅਤੇ ਚੰਗੇ ਦਿਨ ਜਲਦੀ ਆਉਣਗੇ।
~ਕੁਲਵਿੰਦਰ ਕੌਰ ਬਾਜਵਾ