ਭਾਗ – 39
ਇਹ ਇੰਟਰਵਿਊ 24 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ l ਜਿਸ ਵਿੱਚ ਪੰਜਾਬੀ ਗਾਇਕ, ਗੀਤਕਾਰ ਅਤੇ ਮਰਹੂਮ ਸ. ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਦੋਸਤ ਅੰਮ੍ਰਿਤ ਮਾਨ ਨਾਲ ਕੀਤੀ ਗਈ। ਇਸ ਇੰਟਰਵਿਊ ਵਿਚ ਅੰਮ੍ਰਿਤ ਮਾਨ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ, ਉਸ ਨਾਲ ਬਿਤਾਏ ਸਮੇਂ ਬਾਰੇ, ਇਕੱਠਿਆਂ ਇਕ ਗੀਤ ਵਿੱਚ ਕੰਮ ਕਰਨ ਬਾਰੇ ਅਤੇ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪਿਆਂ ਦੀ ਸਥਿਤੀ ਆਦਿ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਦੀ ਸ਼ੁਰੁਆਤ ਵਿਚ ਅੰਮ੍ਰਿਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਯਕੀਨ ਨਹੀਂ ਹੁੰਦਾ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਮਹਾਨ ਗਾਇਕ ਹੋਣ ਦੇ ਨਾਲ-ਨਾਲ ਇਕ ਆਦਰਸ਼ ਪੁੱਤਰ ਵੀ ਸੀ। ਅੰਮ੍ਰਿਤ ਮਾਨ ਨੇ ਕਿਹਾ ਕਿ ਏਸ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਪਿੱਛੋਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਿੱਧੂ ਦੇ ਮਾਪਿਆਂ ਦਾ ਦੁੱਖ ਵੰਡਾਈਏ ਅਤੇ ਇਸ ਸਮੇਂ ਉਨ੍ਹਾਂ ਦੇ ਨਾਲ ਖੜੇ ਹੋਈਏ। ਅੰਮ੍ਰਿਤ ਮਾਨ ਨੇ ਕਿਹਾ ਕਿ ਕਾਮਯਾਬੀ ਇਨਸਾਨ ਦੀ ਜ਼ਿੰਦਗੀ ਵਿੱਚ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਲੈ ਕੇ ਆਉਂਦੀ ਹੈ ਪਰ ਸਿੱਧੂ ਦੇ ਕਤਲ ਦੇ ਪਿੱਛੇ ਦੀ ਅਸਲ ਕਹਾਣੀ ਤਾਂ ਪੁਲੀਸ ਹੀ ਦੱਸ ਸਕਦੀ ਹੈ। ਅੰਮ੍ਰਿਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਦੇਹਾਂਤ ਬਾਰੇ ਖ਼ਬਰ ਮਿਲੀ ਤਾਂ ਉਹ ਇੰਗਲੈਂਡ ਵਿੱਚ ਸਨ। ਇਸ ਇੰਟਰਵਿਊ ਵਿਚ ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਨਾਲ ਪਹਿਲੀ ਵਾਰ ਕੈਨੇਡਾ ਵਿੱਚ ਕੋਈ ਪਹਿਲੀ ਮੁਲਾਕਾਤ ਤੋਂ ਲੈ ਕੇ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਨਿਭਾਉਣ ਤੱਕ ਦੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਨਾਲ ਬਿਤਾਏ ਗਏ ਸਮੇਂ ਦੀਆਂ ਯਾਦਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ,ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਅਸਲ ਜ਼ਿੰਦਗੀ ਵਿਚ ਆਪਣੇ ਗਾਣਿਆਂ ਤੋਂ ਬਿਲਕੁਲ ਅਲੱਗ ਕਿਸਮ ਦਾ ਇਨਸਾਨ ਸੀ। ਅੰਮ੍ਰਿਤ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਵਿੱਚ ਸੱਚਾਈ ਲਿਖਦਾ ਸੀ ਜਿਵੇਂ ਕਿ ਉਸ ਨੂੰ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਪਤਾ ਹੋਵੇ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਧੂ ਨੂੰ ਨਫਰਤ ਕਰਦੇ ਸਨ ਉਹ ਵੀ ਸਿੱਧੂ ਦੇ ਸੰਸਕਾਰ ਸਮੇਂ ਰੋ ਰਹੇ ਸਨ। ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਉਸ ਨੂੰ ਸਮਝ ਨਹੀਂ ਪਾਏ ਸਨ । ਸਿੱਧੂ ਮੂਸੇਵਾਲਾ ਇਕ ਬੇਹੱਦ ਸਾਦਗੀ ਪਸੰਦ ਇਨਸਾਨ ਸੀ ਜੋ ਇਨ੍ਹਾਂ ਕਾਮਯਾਬ ਹੋਣ ਤੋਂ ਬਾਅਦ ਵੀ ਆਪਣੇ ਜੱਦੀ ਪਿੰਡ ਵਿਚ ਹੀ ਰਹਿ ਰਿਹਾ ਸੀ। ਅਖੀਰ ਵਿੱਚ ਅੰਮ੍ਰਿਤ ਮਾਨ ਨੇ ਅੱਜ ਕੱਲ ਦੀ ਪੱਤਰਕਾਰਿਤਾ ਬਾਰੇ ਗੱਲਬਾਤ ਕੀਤੀ ਅਤੇ ਸਿੱਧੂ ਦੀ ਯਾਦ ਵਿਚ ਇਕ ਗੀਤ ਉਸਨੂੰ ਸਮਰਪਿਤ ਕੀਤਾ ।
~ਕੁਲਵਿੰਦਰ ਕੌਰ ਬਾਜਵਾ