ਅੰਮ੍ਰਿਤਪਾਲ ਸਿੰਘ

ਭਾਗ –71 ਇਹ ਇੰਟਰਵਿਊ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨਾਲ 31 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਜਥੇਬੰਦੀ ਦੇ ਬਾਰੇ ਪੁੱਛਿਆ ਗਿਆ ਕਿ ਕਿਵੇਂ ਲੋਕਾਂ ਨੂੰ ਸਿੱਖਾਂ ਦੇ ਦਰਦ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਅੰਮ੍ਰਿਤਪਾਲ ਨੇ ਕਿਹਾ ਕਿ ਧਾਰਮਿਕ ਰਾਜਨੀਤੀ ਦਾ ਮੁੱਢ ਗੁਰਦੁਆਰਿਆਂ ਚੋਂ ਬੱਝਦਾ ਹੈ ਇਸ ਲਈ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੁੜਨ ,ਨਸ਼ੇ ਛੱਡਣ, ਰਾਜਨੀਤਿਕ ਮੰਗਾਂ ਬਾਰੇ ਅਤੇ ਉਨ੍ਹਾਂ ਨੂੰ ਸਿੱਖ ਸਰੂਪ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਨਾਲ ਨੌਜਵਾਨ ਬਹੁਤ ਵੱਡੀ ਗਿਣਤੀ ਵਿਚ ਜੁੜੇ ਹੋਏ ਹਨ ਅਤੇ ਨੌਜਵਾਨਾਂ ਦਾ ਉਤਸ਼ਾਹ ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵਿਚ ਕੋਈ ਵੀ ਅੰਦਰੂਨੀ ਵਾਦ ਵਿਵਾਦ ਨਹੀਂ ਹੈ ਪਰ ਮੁਖੀ ਬਣਨ ਤੋਂ ਬਾਅਦ ਛਿੜੇ ਵਿਵਾਦ ਬਾਰੇ ਗੱਲ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਅਜਿਹਾ ਸੰਕੋਚ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਗੁਲਾਮ ਬੰਦਿਆਂ ਨੂੰ ਬਦਲਾਵ ਚੰਗਾ ਨਹੀਂ ਲੱਗਦਾ; ਖਾਸਕਰ ਨੌਜਵਾਨਾਂ ਦਾ ਅੱਗੇ ਆਉਣਾ। ਪ੍ਰਭੂਸੱਤਾ ਰਾਜ ਦੀ ਮੰਗ ਬਾਰੇ ਅੰਮ੍ਰਿਤਪਾਲ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਹਿੰਦੁਸਤਾਨ ਲੋਕਤੰਤਰ ਰਾਜ ਵਾਲਾ ਦੇਸ਼ ਹੈ ਤਾਂ ਕੋਈ ਵੀ ਸਾਨੂੰ ਸਾਡੀ ਗੱਲ ਕਰਨ ਤੋਂ ਨਹੀਂ ਰੋਕ ਸਕਦਾ। ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਖੁੱਲ੍ਹ ਕੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਸਿੱਖਾਂ ਨੂੰ ਪ੍ਰਭੂਸੱਤਾ ਰਾਜ ਲਈ ਜਾਗਰੂਕ ਕੀਤਾ ਜਾਵੇਗਾ ਜਾਂ ਨੌਜਵਾਨਾਂ ਨੂੰ ਕਿਵੇਂ ਗੁਰਦੁਆਰਿਆਂ ਤੋਂ, ਧਾਰਮਿਕ ਰਾਜਨੀਤੀ ਅਤੇ ਧਾਰਮਿਕ ਅਦਾਰਿਆਂ ਤੋਂ ਦੂਰ ਕੀਤਾ ਜਾਂਦਾ ਹੈ ਤਾਂ ਕਿ ਉਹ ਚੇਤੰਨ ਨਾ ਹੋਣ। SGPC ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ SGPC ਪੂਰਨ ਤੌਰ ਤੇ ਆਜ਼ਾਦ ਨਹੀਂ ਹੈ ਅਤੇ ਜ਼ਿਆਦਾਤਰ ਫੈਸਲੇ ਸਟੇਟ ਤੋਂ ਪ੍ਰਭਾਵਤ ਹੋ ਕੇ ਲਏ ਜਾਂਦੇ ਹਨ। ਅੰਮ੍ਰਿਤਪਾਲ ਨੇ ਅਕਾਲੀ ਦਲ ਦੀ ਅਜੋਕੀ ਹਾਲਤ ਬਾਰੇ ਅਤੇ ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ ਬਾਰੇ ਅਤੇ ਉਨ੍ਹਾਂ ਦੇ ਰਾਜਨੀਤਿਕ ਢਾਂਚੇ ਬਾਰੇ ਵੀ ਵਿਚਾਰ ਸਾਂਝੇ ਕੀਤੇ। ਅੰਮ੍ਰਿਤਪਾਲ ਨੇ ਦੱਸਿਆ ਕਿ ਕਿਵੇਂ ਮੀਡੀਆ ਦਾ ਵਪਾਰੀਕਰਣ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਫਿਲਮਾਂ ਦੇ ਜ਼ਰੀਏ ਪੰਜਾਬ ਦੇ ਦਰਦ ਅਤੇ ਮਨੋਵਿਗਿਆਨ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਹੋਰ ਵੀ ਕਈ ਮੁੱਦੇ ਜਿਵੇਂ ਕਿ ਡੇਰਾਵਾਦ, ਗੈਂਗ ਕਲਚਰ, ਕਾਮਰੇਡਾਂ ਅਤੇ ਆਮ ਆਦਮੀ ਪਾਰਟੀ ਬਾਰੇ ਵੀ ਉਨ੍ਹਾਂ ਨਾਲ ਚਰਚਾ ਕੀਤੀ ਗਈ। ਅਖੀਰ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਆਪਣੀ ਰਾਇ ਦਿੱਤੀ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *