ਭਾਗ – 32 ਇਹ ਇੰਟਰਵਿਊ ਦਾ ਜੂਨ 2022 ਨੂੰ ਅਵਤਾਰ ਸਿੰਘ ਫਗਵਾੜਾ ਨਾਲ ਕੀਤੀ ਗਈ ਜੋ ਕਿ ਔਰਗੈਨਿਕ ਖੇਤੀ ਕਰਦੇ ਹਨ। ਇੰਟਰਵਿਊ ਦੀ ਸ਼ੁਰੂਆਤ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੇ ਆਰਗੈਨਿਕ ਖੇਤੀ ਦਾ ਤਰੀਕਾ ਨਾ ਅਪਣਾਇਆ ਤਾਂ ਭਵਿੱਖ ਵਿੱਚ ਕਿਵੇਂ ਜੀਵਨ ਦੀ ਹੋਂਦ ਖਤਰੇ ਵਿੱਚ ਆ ਸਕਦੀ ਹੈ। ਅਵਤਾਰ ਸਿੰਘ ਨੇ ਕਿਹਾ ਕਿ ਇਹ ਭੋਜਨ ਹਵਾ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਹੀ ਸਮਾਜ ਵਿਚ ਬਿਮਾਰੀਆਂ ਵਧ ਰਹੀਆਂ ਹਨ ਅਤੇ ਇਸ ਸਭ ਤੋਂ ਬਚਣ ਲਈ ਓਰਗੈਨਿਕ ਖੇਤੀ ਦਾ ਤਰੀਕਾ ਅਪਣਾਇਆ ਜਾ ਸਕਦਾ। ਅਵਤਾਰ ਸਿੰਘ ਨੇ ਕਿਹਾ ਕਿ ਕੁਦਰਤ ਦੇ ਅਟੱਲ ਨਿਯਮਾਂ ਦੇ ਅੰਤਰਗਤ ਬਨਸਪਤੀ ਜੀਵਨ ਚਲਦਾ ਹੈ ਅਤੇ ਇਹਨਾਂ ਨਿਯਮਾਂ ਦਾ ਨਿਆਂਪੂਰਨ ਪ੍ਰਬੰਧਨ ਕਰਕੇ ਹੀ ਬਿਹਤਰ ਝਾੜ ਅਤੇ ਜ਼ਹਿਰ ਮੁਕਤ ਫ਼ਸਲ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਰਥਿਕ, ਭੋਜਨ ਅਤੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਉਹਨਾਂ “ਸੰਪੂਰਨ ਖੇਤੀ,ਪੂਰਨ ਰੁਜ਼ਗਾਰ” ਨਾਂ ਦਾ ਇਕ ਪ੍ਰੋਜੈਕਟ ਤਿਆਰ ਕੀਤਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਓਰਗੈਨਿਕ ਖੇਤੀ ਕਰਦੇ ਕਿਸਾਨਾਂ ਨਾਲ ਕੋਈ ਜ਼ਿਆਦਾ ਸਹਿਯੋਗ ਨਹੀਂ ਕਰ ਰਹੀ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੋਤਸਾਹਨ ਦੇਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਕਹੇ ਅਨੁਸਾਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਅਵਤਾਰ ਸਿੰਘ ਨੇ ਕਿਹਾ ਕਿ ਸਾਨੂੰ ਪਾਣੀ ਬਚਾਉਣ ਦੀ ਨਹੀਂ ਬਲਕਿ ਪਾਣੀ ਤੋਂ ਬਚਣ ਦੀ ਜ਼ਰੂਰਤ ਹੈ । ਪੌਦਿਆਂ ਨੂੰ ਵਧਣ ਦੇ ਲਈ ਪਾਣੀ ਦੀ ਬਜਾਏ ਹਵਾ ਦੀ ਮਾਤਰਾ ਜਿਆਦਾ ਚਾਹੀਦੀ ਹੁੰਦੀ ਹੈ। ਅਖੀਰ ਵਿੱਚ ਉਨ੍ਹਾਂ ਨੇ ਆਪਣੀ ਖੇਤੀ ਮਾਡਲ ਬਾਰੇ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।
– ਕੁਲਵਿੰਦਰ ਕੌਰ ਬਾਜਵਾ