ਇਹ ਇੰਟਰਵਿਊ ਕਬੱਡੀ ਕੁਮੈਂਟੇਟਰ ਅਮਨ ਲੋਪੋਂ ਨਾਲ 31 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਅਮਨ ਨਾਲ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਕਬੱਡੀ ਖੇਤਰ ਵਿੱਚ ਆਏ ਬਦਲਾਅ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। ਅਮਨ ਲੋਪੋਂ ਹਮੇਸ਼ਾ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ ਪ੍ਰਤੀ ਈਮਾਨਦਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰਵਿਊ ਵਿਚ ਦੱਸਿਆ ਕਿ ਸੰਦੀਪ ਤੋਂ ਲੋਕਾਂ ਨੂੰ ਕੀ ਆਸਾਂ ਸਨ ਅਤੇ ਉਹ ਇਨ੍ਹਾਂ ਮੁੱਦਿਆਂ ਬਾਰੇ ਕੀ ਸੋਚਦਾ ਸੀ ਤੇ ਉਨ੍ਹਾਂ ਤੇ ਕਿਵੇਂ ਕੰਮ ਕਰਨਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਕ ਵਧੀਆ ਇਨਸਾਨ ਹੋਣ ਦੇ ਨਾਲ-ਨਾਲ ਸੰਦੀਪ ਇਕ ਵਧੀਆ ਖਿਡਾਰੀ, ਪਰਮੋਟਰ ਅਤੇ ਮੈਨੇਜਰ ਵੀ ਸੀ। ਸੰਦੀਪ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਦੀਪ ਦੀ ਸੋਚ ਬਹੁਤ ਵਧੀਆ ਸੀ, ਉਸਦੇ ਉਦੇਸ਼ ਬਹੁਤ ਉੱਚੇ ਸਨ ਅਤੇ ਉਹ ਹਰ ਇੱਕ ਨਵੇਂ ਅਤੇ ਪੁਰਾਣੇ ਖਿਡਾਰੀਆਂ ਦੀ ਮਦਦ ਕਰਦਾ ਸੀ। ਉਹ ਨਵੇਂ ਖਿਡਾਰੀਆਂ, ਅਪਾਹਜਾਂ, ਲੋੜਵੰਦਾਂ, ਜ਼ਖਮੀ ਖਿਡਾਰੀਆਂ ਅਤੇ ਖਿਡਾਰੀਆਂ ਨੂੰ ਵਿਦੇਸ਼ਾਂ ਤੱਕ ਪਹੁੰਚਣ ਵਿਚ ਮਦਦ ਕਰਦਾ ਸੀ। ਉਨ੍ਹਾਂ ਕਿਹਾ ਕਿ ਸੰਦੀਪ ਇੰਨਾ ਵਧੀਆ ਇਨਸਾਨ ਸੀ ਕਿ ਕਦੇ ਵੀ ਨਹੀਂ ਸੋਚਿਆ ਜਾ ਸਕਦਾ ਕਿ ਉਸ ਦਾ ਕੋਈ ਇੰਨੀ ਬੇਰਹਿਮੀ ਨਾਲ ਕਤਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਦੇ ਦੌਰਾਨ ਈਰਖਾ ਦੀ ਭਾਵਨਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਜਾਂ ਪ੍ਰਸਿੱਧੀ ਅਜਿਹੇ ਵਿਸ਼ੇ ਹਨ ਜੋ ਦੁਸ਼ਮਣੀ ਦਾ ਕਾਰਣ ਬਣ ਜਾਂਦੇ ਹਨ ਪਰ ਅਕਸਰ ਅਜਿਹੀਆਂ ਛੋਟੀਆਂ ਗੱਲਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਪ੍ਰਬੰਧਕ ਚਾਹੁੰਦੇ ਹਨ ਕਿ ਸਟੇਜਾਂ ਤੇ ਉਨ੍ਹਾਂ ਦਾ ਨਾਮ ਬੋਲਿਆ ਜਾਵੇ, ਜਦ ਕਿ ਦੂਜੇ ਪਾਸੇ ਕਮੇਟੀ ਜਾਂ ਖਿਡਾਰੀ ਜਾਂ ਕੋਈ ਹੋਰ ਚਾਹੁੰਦਾ ਹੁੰਦਾ ਹੈ ਕਿ ਉਹਨਾਂ ਦੇ ਨਾਮ ਨੂੰ ਤਰਜੀਹ ਦਿੱਤੀ ਜਾਵੇ ਅਤੇ ਇਸ ਤੋਂ ਹੀ ਦੁਸ਼ਮਣੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਦੇ ਕਾਰਨ ਖਿਡਾਰੀ ਵੀ ਡਰ ਚੁੱਕੇ ਹਨ ਅਤੇ ਉਹ ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ ਦਿਵਾਉਣ ਲਈ ਅਵਾਜ਼ ਨਹੀਂ ਚੁੱਕ ਰਹੇ। ਉਹਨਾਂ ਕਿਹਾ ਕਿ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਹੈ ਕਿ ਕੋਈ ਵੀ ਕਬੱਡੀ ਖੇਤਰ ਵਿਚ ਨਹੀਂ ਆਉਣਾ ਚਾਹੁੰਦਾ ਪਰ ਅਸੀਂ ਸੰਦੀਪ ਦੀ ਸੋਚ ਅਤੇ ਵਿਚਾਰਧਾਰਾ ਨੂੰ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਮਨ ਲੋਪੋ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਲਈ ਕਬੱਡੀ ਉਸ ਦੀ ਪਹਿਲੀ ਤਰਜੀਹ ਸੀ ਜਿਸ ਬਾਰੇ ਉਹ ਚੌਵੀ ਘੰਟੇ ਸੋਚਦਾ ਰਹਿੰਦਾ ਸੀ। ਉਹਨਾਂ ਕਿਹਾ ਕਿ ਸੰਦੀਪ ਦੀ ਪਤਨੀ ਅਤੇ ਪਰਿਵਾਰ ਦੀ ਸਥਿਤੀ ਦੇਖੀ ਨਹੀਂ ਜਾ ਸਕਦੀ ਕਿ ਉਹ ਕਿੰਨੇ ਦੁਖੀ ਹਨ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਕਬੱਡੀ ਲਈ ਇੰਨੇ ਯਤਨ ਅਤੇ ਮਿਹਨਤ ਕਰ ਰਿਹਾ ਸੀ ਕਿ ਹੋਰ ਕੋਈ ਅਜਿਹੀਆਂ ਚੀਜ਼ਾਂ ਬਾਰੇ ਕਦੇ ਸੋਚ ਨਹੀਂ ਸੀ ਸਕਦਾ। ਉਹਨਾਂ ਨੇ ਕਬੱਡੀ ਖੇਤਰ ਵਿੱਚ ਗੈਂਗਸਟਰਾਂ ਦੀ ਦਖਲ ਅੰਦਾਜੀ ਬਾਰੇ ਵੀ ਗੱਲਬਾਤ ਕੀਤੀ। ਅਖੀਰ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੈ ਇਸ ਕੇਸ ਦੀ ਜਾਂਚ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
~ਕੁਲਵਿੰਦਰ ਕੌਰ ਬਾਜਵਾ