ਭਾਗ –125
ਇਹ ਇੰਟਰਵੀਊ ਅਜੇਪਾਲ ਸਿੰਘ ਬਰਾੜ ਨਾਲ 17 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਦੱਖਣੀ ਏਸ਼ੀਆ ਦੇ ਮੁਕਾਬਲੇ ਪਿੱਛੇ ਪੈ ਰਿਹਾ ਹੈ। ਏਸ ਦਾ ਅਸਰ ਸਮਾਜ, ਰਾਜਨੀਤੀ ਅਤੇ ਲੋਕਤੰਤਰ ‘ਤੇ ਪੈ ਰਿਹਾ ਹੈ। ਇਸੇ ਕਰਕੇ ਰੁਜ਼ਗਾਰ ਦੇ ਨਵੇਂ ਮੌਕੇ ਨਾ ਮਿਲਣ ਕਾਰਨ ਅਤੇ ਖੇਤੀ ਉਤਪਾਦਨ ਸਥਿਰ ਹੋਣ ਕਾਰਣ ਵਿਦੇਸ਼ੀ ਪ੍ਰਵਾਸ ਵੱਧਦਾ ਜਾ ਰਿਹਾ ਹੈ। ਲੋਕ ਨਿਰਾਸ਼ ਹਨ ਤੇ ਨਸ਼ਿਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਅੰਦਰੂਨੀ ਝਗੜੇ ਵੀ ਹੁੰਦੇ ਹਨ। ਪਰ ਇਸ ਦਾ ਸਕਾਰਾਤਮਕ ਪੱਖ ਇਹ ਹੈ ਕਿ ਪੰਜਾਬ ਦੇ ਲੋਕ ਚਿੰਤਤ ਤੇ ਜਾਗਰੂਕ ਹੋ ਗਏ ਹਨ ਅਤੇ ਦੂਜੇ ਪਾਸੇ ਇਹ ਹੈ ਕਿ ਸਮਾਜ ਵਿੱਚ ਵੰਡੀਆਂ(polarization)ਪੈ ਗਈਆਂ ਹਨ। ਅਜਿਹਾ ਪੂਰੇ ਸੰਸਾਰ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦਸਤਾਨ ਦੀ ਸੈਂਟਰਲ ਕੋਰ ਕਿਸੇ ਹੋਰ ਤਰਾਂ ਸੋਚਦੀ ਹੈ। ਜਦ ਕਿ ਬਾਹਰਲੇ ਇਲਾਕੇ ਕਿਸੇ ਹੋਰ ਤਰ੍ਹਾਂ ਸੋਚਦੇ ਹਨ, ਉਦਾਹਰਣ ਦੇ ਤੌਰ ਤੇ ਤਾਮਿਲਨਾਡੂ ਦੀ ਰਾਜਨੀਤਕ ਸੋਚ ਪੰਜਾਬ ਨਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਨੌਜੁਆਨ ਜਾਗਰੂਕ ਹੋ ਰਹੇ ਹਨ ਅਤੇ ਆਪਣੀ ਅਵਾਜ਼ ਉਠਾਉਂਦੇ ਹਨ ਪਰ ਉਨ੍ਹਾਂ ਨੂੰ ਕੋਈ ਸਹੀ ਦਿਸ਼ਾ ਦੇਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਮੋਰਚਾ ਜਿੱਤਣ ਤੋਂ ਬਾਅਦ ਲੋਕਾਂ ਵਿੱਚ ਆਤਮ-ਵਿਸ਼ਵਾਸ ਵਧ ਗਿਆ ਹੈ ਇਸ ਲਈ ਉਹ ਜਾਣਦੇ ਹਨ ਕਿ ਕਿਸੇ ਮੁੱਦੇ ਤੇ ਲੜਾਈ ਕਿਸ ਤਰਾਂ ਲੜਨੀ ਹੈ। ਜਿਵੇਂ ਕਿ ਮੱਤੇਵਾੜਾ ਵਾਲੇ ਕੇਸ ਵਿੱਚ ਨੌਜਵਾਨਾਂ ਵਿੱਚ ਲੀਡਰਸ਼ਿਪ ਦੇਖਣ ਨੂੰ ਮਿਲੀ ਸੀ। ਇਸ ਤੋ ਇਲਾਵਾ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਬਾਰੇ ਹੋਰ ਵੀ ਕਈ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ 50 ਸਾਲ ਦੀ ਉਮਰ ਤੋਂ ਉੱਤੇ ਵਾਲੇ ਰਾਜਨੀਤਕ ਲੀਡਰਾਂ ਨੂੰ ਨਵੀਂ ਪੀੜ੍ਹੀ ਦੇ ਬਾਰੇ ਕੋਈ ਪਤਾ ਨਹੀਂ ਹੈ ਕਿ ਉਹ ਕੀ ਚਾਹੁੰਦੇ ਹਨ ਜਾਂ ਕੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਨਵੀਂ ਹੈ ਪਰ ਰਾਜਨੀਤੀ ਦਾ ਅੰਦਾਜ਼ ਪਿਛਲੀਆਂ ਸਰਕਾਰਾਂ ਵਾਲਾ ਹੀ ਹੈ। ਅਜੇਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਉੱਚੀਆਂ ਉਮੀਦਾਂ ਦਿਖਾ ਦਿੱਤੀਆਂ ਸਨ ਪਰ ਉਹ ਇਨ੍ਹਾਂ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ। ਇਸੇ ਲਈ ਪੰਜਾਬ ਇਕ ਸੱਚੀ ਲੀਡਰਸ਼ਿਪ ਚਾਹੁੰਦਾ ਹੈ। ਕਾਮਰੇਡ ਵਾਲੇ ਮੁੱਦੇ ਤੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਅਕਤੀਗਤ ਤੌਰ ਤੇ ਮੁਕਾਬਲੇਬਾਜ਼ੀ ਅਤੇ ਈਰਖਾ ਇਕ ਹੱਦ ਤੱਕ ਆਪਣੇ ਆਪ ਨੂੰ ਸਾਬਿਤ ਕਰਨ ਲਈ ਚੰਗੀ ਹੁੰਦੀ ਹੈ। ਪਰ ਜਦੋਂ ਤੁਸੀਂ ਇਕ ਪਾਰਟੀ ਤੋਂ ਸਬੰਧਤ ਹੁੰਦੇ ਹੋ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਸਗੋਂ ਇੱਕ ਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
~ਕੁਲਵਿੰਦਰ ਕੌਰ ਬਾਜਵਾ